*ਪ੍ਰਕਾਸ਼ ਦਿਹਾੜੇ ਮੌਕੇ ਜੈਕਾਰਿਆਂ ਦੀ ਗੂੰਜ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ*
ਜਲੰਧਰ(): ਅੱਜ ਮੀਰੀ ਪੀਰੀ ਦੇ ਮਾਲਕ, ਧੰਨ ਧੰਨ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਅੱਜ ਨਗਰ ਕੀਰਤਨ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਵਿਚ ਆਰੰਭ ਹੋਇਆ। ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਨੂੰ ਸਤਿਕਾਰ ਵਜੋਂ ਸਿਰੋਪਾਓ ਦਿੱਤੇ ਗਏ | ਇਹ ਨਗਰ ਕੀਰਤਨ ਦੀ ਸ਼ੁਰੂਆਤ 3 ਵਜੇ ਬਾਜ਼ਾਰ ਦੇ ਵਿੱਚੋਂ ਲੰਘ ਕੇ ਕੁੜੀਆਂ ਦੇ ਸਕੂਲ , ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਮੋਹਰ ਲੱਗਦੇ ਹੋਏ,ਗੁਲਾਬਿਆ ਮੁਹੱਲਾ ਕਰਾਸ ਕਰਦੇ ਹੋਏ, ਦੁਸ਼ਹਿਰਾ ਗਰਾਊਂਡ ਦੇ ਸਾਹਮਣੇ ਵੈਲਕਮ ਗਰੁੱਪ ਵਾਲੀ ਗਲੀ ,ਘਾਹ ਮੰਡੀ ਚੌਂਕ , ਕੋਟ ਮਹੱਲੇ ਤੋਂ ਪੰਜਾਬ ਪਬਲਿਕ ਸਕੂਲ ਵਾਲੀ ਗਲੀ, ਸੂਦ ਹਸਪਤਾਲ ਦੇ ਮੋਹਰੇ ਲੰਘ ਕੇ ਅੱਡਾ ਬਸਤੀ ਸ਼ੇਖ, ਬਾਅਦ ਬਾਜ਼ਾਰ ਤੋਂ ਹੁੰਦਾ ਹੋਇਆ |ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਸ਼ਾਮ ਨੂੰ ਤਕਰੀਬਨ 8 ਵਜੇ ਆ ਕੇ ਸਮਾਪਤ ਹੋਇਆ |ਨਗਰ ਕੀਰਤਨ ਦੌਰਾਨ ਸੰਗਤ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ |ਇਸੇ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਵੱਲੋਂ ਥਾਂ-ਥਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਵਨ ਰੁਮਾਲਾ ਸਾਹਿਬ ਅਤੇ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਭੇਟ ਕੀਤੇ ਗਏ |ਇਸੇ ਦੌਰਾਨ ਨਗਰ ਕੀਰਤਨ ਦੀ ਅੱਗੇ ਰਵਾਨਗੀ ਸਮੇਂ ਵੱਡੀ ਗਿਣਤੀ ’ਚ ਸੰਗਤ ਨੇ ਸ਼ਿਰਕਤ ਕੀਤੀ। ਫੁੱਲ ਪੱਤੀਆਂ ਦੀ ਵਰਖਾ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਮਾਹੌਲ ਨੂੰ ਅਲੌਕਿਕ ਬਣਾ ਰਹੇ ਸਨ।ਜਦੋ ਵੈਲਕਮ ਗਰੁੱਪ ਦੇ ਬਾਹਰੋਂ ਨਗਰ ਕੀਰਤਨ ਆਇਆ ਤਾ ਵੈਲਕਮ ਗਰੁੱਪ ਦੇ ਸਟਾਫ਼ ਵੱਲੋਂ ਕੁਲਫੀਆਂ ਦਾ ਲੰਗਰ ਲਗਾਇਆ ਗਿਆ |ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਪ੍ਰਧਾਨ ਮਨਜੀਤ ਸਿੰਘ ਟੀਟੂ ਨੇ ਸੰਗਤਾਂ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦੇ ਹੋਏ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੁੜਣ ਦਾ ਸੁਨੇਹਾ ਦਿੱਤਾ।ਇਸ ਮੌਕੇ ਜਿੱਥੇ ਸਕੂਲੀ ਬੈਂਡ ਤੇ ਸਕੂਲੀ ਬੱਚੇ ਨਗਰ ਕੀਰਤਨ ਦੀ ਸ਼ੌਭਾ ਵਧਾ ਰਹੇ ਸਨ, ਉਥੇ ਪੰਜਾਬ ਪੁਲਿਸ ਦੀ ਟੁੱਕੜੀ ਨੇ ਸਲਾਮੀ ਦੇ ਕੇ ਆਪਣੀ ਹਾਜ਼ਰੀ ਲੁਆਈ। ਸੰਗਤਾਂ ਵਲੋਂ ਲਗਾਤਾਰ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ ਤੇ ਹਰ ਪਾਸੇ ਖਾਲਸਾਈ ਮਾਹੋਲ ਸਿਰਜਿਆ ਨਜ਼ਰ ਆ ਰਿਹਾ ਸੀ।
ਨਗਰ ਕੀਰਤਨ ਦੇ ਸਵਾਗਤ ਲਈ ਥਾਂ-ਥਾਂ ’ਤੇ ਸਜਾਵਟੀ ਗੇਟ ਲਗਾਏ ਗਏ ਅਤੇ ਸੰਗਤਾਂ ਲਈ ਗਰਮਾ-ਗਰਮ ਪਕੌੜੇ, ਚਾਹ, ਬਿਸਕੁਟਾਂ ਆਦਿ ਦਾ ਲੰਗਰ ਵਰਤਾਇਆ ਗਿਆ। ਨਗਰ ਕੀਰਤਨ ਦੌਰਾਨ ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਹਜੂਰੀ ਰਾਗੀਆਂ ਵੱਲੋ ਰਸਮਈ ਕੀਰਤਨ ਕੀਤਾ ਗਿਆ ਬੈਂਡ ਅਤੇ ਗਤਕੇ ਦੇ ਜੌਹਰ ਦਿਖਾਏ ਗਏ।ਸਤਿਨਾਮ ਵਾਹਿਗੁਰੂ ਅਤੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੀ ਧੁਨੀ ਸੁਣਾਈ ਦੇ ਰਹੀ ਸੀ। ਗੁਰੂ ਪਾਤਸ਼ਾਹ ਦੇ ਪਾਵਨ ਸ਼ਸ਼ਤਰ ਇਕ ਖੂਬਸੂਰਤ ਬੱਸ ਵਿਚ ਸਜਾਏ ਗਏ ਸਨ ਜਿਨਾਂ ਦੇ ਦੀਦਾਰ ਲਈ ਸੰਗਤਾਂ ਉਤਸ਼ਾਹ ਨਾਲ ਆ ਰਹੀਆਂ ਸਨ।ਨਗਰ ਕੀਰਤਨ ਵਿੱਚ ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਪ੍ਰਧਾਨ ਮਨਜੀਤ ਸਿੰਘ ਟੀਟੂ ਅਤੇ ਕਮੇਟੀ ਮੈਂਬਰ ਰਣਜੀਤ ਸਿੰਘ ਸੰਤ , ਤਰਲੋਚਨ ਸਿੰਘ ਛਾਬੜਾ, ਗੁਰਜੀਤ ਸਿੰਘ ਪੋਪਲੀ, ਹਰਜੀਤ ਸਿੰਘ ਬਾਬਾ, ਅਮਰਪ੍ਰੀਤ ਸਿੰਘ , ਇੰਦਰਜੀਤ ਸਿੰਘ ਬੱਬਰ, ਗੁਰਸ਼ਰਨ ਸਿੰਘ ਸ਼ਨੂ, ਸਰਬਜੀਤ ਸਿੰਘ ਕਾਲੜਾ, ਸਰਦਾਰ ਪਿਆਰਾ ਸਿੰਘ, ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਰਦਾਰ ਕੁਲਵੰਤ ਸਿੰਘ ਨਿਹੰਗ ਦੀ ਅਗਵਾਈ ਦੇ ਵਿੱਚ ਬਹੁਤ ਵੱਡਾ ਜਥਾ ਲੈ ਕੇ ਆਏ ,ਬਾਬਾ ਗੁਰਚਰਨ ਸਿੰਘ, ਸ਼ਹੀਦਾਂ ਤਰਨ ਦਲ, ਮਾਤਾ ਗੁਜਰੀ ਜੀ ਸੇਵਾ ਸੁਸਾਇਟੀ,ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਈ।