ਗ੍ਰੀਨ ਕਲੀਂਨ ਮੋਹਾਲੀ – ਖਰੜ ‘ਚ ਕੂੜੇ ਦਾ ਰਾਜ


ਗ੍ਰੀਨ ਕਲੀਂਨ ਮੋਹਾਲੀ ‘ਚ ਕੂੜੇ ਦਾ ਰਾਜ

ਖਰੜ: ਖਰੜ-ਲੌਂਡਰਾ ਰੋਡ ‘ਤੇ ਗੰਦਗੀ ਤੇ ਕੂੜੇ ਦੇ ਅੰਬਾਰ ਨੇ ਇਥੋਂ ਦੀ ਆਵਾਜਾਈ ਮੁਸ਼ਕਲ ਬਣਾ ਦਿੱਤੀ ਹੈ। ਸੜਕ ਦੇ ਦੋਹਾਂ ਪਾਸਿਆਂ ‘ਤੇ ਵਿੱਖਰਿਆ ਹੋਇਆ ਕੂੜਾ ਅਤੇ ਬੇਹੱਦ ਖਰਾਬ ਸੀਵਰੇਜ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਵਿਖਾ ਰਿਹਾ ਹੈ। ਹਾਲਤ ਇਹ ਹੋ ਗਈ ਹੈ ਕਿ ਇੱਥੇ 24 ਘੰਟੇ ਬਦਬੂ ਆਉਂਦੀ ਰਹਿੰਦੀ ਹੈ, ਜੋ ਕਿ ਇਥੋਂ ਲੰਗਣ ਵਾਲੇ ਲੋਕਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ।
ਇਹ ਸੜਕ ਡੀ.ਸੀ. ਦਫ਼ਤਰ ਅਤੇ ਨਗਰ ਪਰਿਸ਼ਦ ਤੋਂ ਸਿਰਫ਼ 2-3 ਕਿਲੋਮੀਟਰ ਦੀ ਦੂਰੀ ‘ਤੇ ਹੈ, ਪਰ ਫਿਰ ਵੀ ਇਨ੍ਹਾਂ ਦਫ਼ਤਰਾਂ ਦੇ ਅਧਿਕਾਰੀਆਂ ਨੂੰ ਇਸ ਦੀ ਕੋਈ ਚਿੰਤਾ ਨਹੀਂ। ਸੀਵਰੇਜ ਦੇ ਢੱਕਣ ਕਈ ਥਾਵਾਂ ‘ਤੇ ਖੁੱਲੇ ਪਏ ਹਨ, ਜਿਸ ਨਾਲ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਬਜ਼ੁਰਗ, ਬੱਚੇ ਅਤੇ ਆਮ ਜਨਤਾ ਹਰ ਰੋਜ਼ ਇਨ੍ਹਾਂ ਸਮੱਸਿਆਵਾਂ ਨਾਲ ਜੂਝ ਰਹੀ ਹੈ।
ਆਵਾਜਾਈ ਪ੍ਰਬੰਧਨ ਵੀ ਬੁਰੀ ਤਰ੍ਹਾਂ ਵਿਗੜਿਆ ਹੋਇਆ ਹੈ। ਲੌਂਡਰਾ ਚੌਕ ‘ਤੇ ਹਰ ਰੋਜ਼ ਲੰਮੇ ਜਾਮ ਲੱਗਦੇ ਹਨ, ਜਿੱਥੇ ਲੋਕ ਕਈ ਵਾਰ 8 ਤੋਂ 10 ਮਿੰਟ ਤੱਕ ਫਸੇ ਰਹਿੰਦੇ ਹਨ। ਸੜਕ ਕਈ ਥਾਵਾਂ ‘ਤੇ ਟੁੱਟੀ ਹੋਈ ਹੈ, ਜਿਸ ਨਾਲ ਵਾਹਨਾਂ ਦੀ ਆਵਾਜਾਈ ਖ਼ਤਰੇ ਨਾਲ ਭਰੀ ਹੋਈ ਹੈ।
ਇਹ ਸੜਕ ਨਗਰ ਪਰਿਸ਼ਦ ਖਰੜ ਅਤੇ ਨਗਰ ਨਿਗਮ ਮੋਹਾਲੀ ਦੀ ਹੱਦ ਵਿੱਚ ਆਉਂਦੀ ਹੈ, ਪਰ ਕਿਸੇ ਵੀ ਵਿਭਾਗ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ। ਪ੍ਰਸ਼ਾਸਨ ਦੀ ਇਸ ਲਾਪਰਵਾਹੀ ਕਰਕੇ ਆਮ ਲੋਕ ਬਹੁਤ ਪਰੇਸ਼ਾਨ ਹਨ।
ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਚੋਣਵੀਂ ਪ੍ਰਤੀਨਿਧੀਆਂ ਦੀ ਲਾਪਰਵਾਹੀ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਧਿਕਾਰੀ ਅਤੇ ਨੇਤਾ ਇੱਥੋਂ ਲੰਘਦੇ ਤਾਂ ਹਨ, ਪਰ ਕੋਈ ਵੀ ਇਸ ਬੇਹਾਲ ਸੜਕ ਵੱਲ ਧਿਆਨ ਨਹੀਂ ਦੇ ਰਿਹਾ। ਹੁਣ ਲੋਕ ਚਾਹੁੰਦੇ ਹਨ ਕਿ ਜਲਦੀ ਤੋਂ ਜਲਦੀ ਕੋਈ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ।
ਲੋਕ ਕਹਿ ਰਹੇ ਹਨ ਕਿ ਹੁਣ ਸਿਰਫ਼ ਦੋ ਚੀਜ਼ਾਂ ਹੀ ਉਮੀਦ ਦੇ ਸਕਦੀਆਂ ਹਨ—ਜਾਂ ਤਾਂ ਰੱਬ ਇਹ ਸੜਕ ਠੀਕ ਕਰ ਦੇਵੇ, ਜਾਂ ਫਿਰ ਜਲਦੀ ਚੋਣਾਂ ਆਉਣ ਤਾਂ ਜੋ ਨੇਤਾ ਲੋਕੀ ਦੀਆਂ ਸਮੱਸਿਆਵਾਂ ਸੁਣ ਕੇ, ਉਨ੍ਹਾਂ ਦਾ ਹੱਲ ਕਰਣ ਲਈ ਮਜਬੂਰ ਹੋਣ।